ਫੀਫਾ ਆਲਮੀ ਕੱਪ 2026 ਵਿੱਚ ਪੁਰਤਗਾਲ ਨੇ ਗਰੁੱਪ ‘ਕੇ’ ਦੇ ਮੁਕਾਬਲੇ ਵਿੱਚ ਉਜ਼ਬੇਕਿਸਤਾਨ ਨੂੰ 5-0 ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਜਿੱਤ ਦੇ ਹੀਰੋ ਕ੍ਰਿਸਟੀਆਨੋ ਰੋਨਾਲਡੋ ਰਹੇ, ਜਿਨ੍ਹਾਂ ਨੇ ਦੋ ਗੋਲ ਕਰਕੇ ਨਾ ਸਿਰਫ਼ ਟੀਮ ਨੂੰ ਵੱਡੀ ਜਿੱਤ ਦਿਵਾਈ, ਸਗੋਂ ਇੱਕ ਨਵਾਂ ਇਤਿਹਾਸ ਵੀ ਰਚ ਦਿੱਤਾ। 41 ਸਾਲਾ ਰੋਨਾਲਡੋ ਹੁਣ ਛੇ ਵੱਖ-ਵੱਖ ਵਿਸ਼ਵ ਕੱਪ ਟੂਰਨਾਮੈਂਟਾਂ ਵਿੱਚ ਗੋਲ ਕਰਨ ਵਾਲੇ ਪਹਿਲੇ ਫੁੱਟਬਾਲਰ ਬਣ ਗਏ ਹਨ।
ਰੋਨਾਲਡੋ ਨੇ ਮੈਚ ਦੇ ਸ਼ੁਰੂਆਤੀ ਛੇਵੇਂ ਮਿੰਟ ਵਿੱਚ ਹੀ ਗੋਲ ਕਰਕੇ ਪੁਰਤਗਾਲ ਨੂੰ ਬੜ੍ਹਤ ਦਿਵਾਈ ਅਤੇ 39ਵੇਂ ਮਿੰਟ ਵਿੱਚ ਆਪਣਾ ਦੂਜਾ ਗੋਲ ਕਰਕੇ ਉਜ਼ਬੇਕਿਸਤਾਨ ਦੀਆਂ ਉਮੀਦਾਂ ਨੂੰ ਝਟਕਾ ਦਿੱਤਾ। ਨੂਨੋ ਮੈਂਡੇਜ਼ ਅਤੇ ਰਾਫੇਲ ਲਿਆਓ ਨੇ ਵੀ ਇੱਕ-ਇੱਕ ਗੋਲ ਕੀਤਾ, ਜਦਕਿ ਇੱਕ ਆਤਮਘਾਤੀ ਗੋਲ ਨੇ ਸਕੋਰ 5-0 ਤੱਕ ਪਹੁੰਚਾ ਦਿੱਤਾ। ਸ਼ਾਨਦਾਰ ਖੇਡ ਲਈ ਰੋਨਾਲਡੋ ਨੂੰ ‘ਮੈਨ ਆਫ ਦਿ ਮੈਚ’ ਦਾ ਸਨਮਾਨ ਮਿਲਿਆ।
ਗਰੁੱਪ ‘ਕੇ’ ਦੇ ਦੂਜੇ ਮੁਕਾਬਲੇ ਵਿੱਚ ਕੋਲੰਬੀਆ ਨੇ ਡੀਆਰ ਕਾਂਗੋ ਨੂੰ 1-0 ਨਾਲ ਹਰਾਇਆ। ਡੈਨੀਅਲ ਮੁਨੋਜ਼ ਨੇ 76ਵੇਂ ਮਿੰਟ ਵਿੱਚ ਜੇਤੂ ਗੋਲ ਕਰਕੇ ਕੋਲੰਬੀਆ ਨੂੰ ਲਗਾਤਾਰ ਦੂਜੀ ਜਿੱਤ ਦਿਵਾਈ। ਛੇ ਅੰਕਾਂ ਨਾਲ ਕੋਲੰਬੀਆ ਨੇ ਅਗਲੇ ਦੌਰ ਵਿੱਚ ਆਪਣੀ ਜਗ੍ਹਾ ਲਗਭਗ ਪੱਕੀ ਕਰ ਲਈ ਹੈ।
ਗਰੁੱਪ ‘ਐੱਲ’ ਵਿੱਚ ਕਰੋਏਸ਼ੀਆ ਨੇ ਪਨਾਮਾ ਨੂੰ 1-0 ਨਾਲ ਮਾਤ ਦੇ ਕੇ ਨਾਕਆਊਟ ਦੌਰ ਦੀਆਂ ਉਮੀਦਾਂ ਬਰਕਰਾਰ ਰੱਖੀਆਂ। ਆਂਤੇ ਬੁਦੀਮੀਰ ਦਾ ਗੋਲ ਮੈਚ ਦਾ ਫੈਸਲਾਕੁੰਨ ਪਲ ਸਾਬਤ ਹੋਇਆ, ਜਦਕਿ ਪਨਾਮਾ ਟੂਰਨਾਮੈਂਟ ਤੋਂ ਬਾਹਰ ਹੋ ਗਿਆ।
ਇਸੇ ਗਰੁੱਪ ਦੇ ਹੋਰ ਮੈਚ ਵਿੱਚ ਇੰਗਲੈਂਡ ਅਤੇ ਘਾਨਾ ਦਰਮਿਆਨ ਟੱਕਰ ਬਿਨਾਂ ਕਿਸੇ ਗੋਲ ਦੇ 0-0 ਦੀ ਬਰਾਬਰੀ ’ਤੇ ਸਮਾਪਤ ਹੋਈ। ਭਾਰੀ ਮੀਂਹ ਕਾਰਨ ਦੋਵੇਂ ਟੀਮਾਂ ਮੌਕੇ ਬਣਾਉਣ ਦੇ ਬਾਵਜੂਦ ਗੋਲ ਨਹੀਂ ਕਰ ਸਕੀਆਂ।
ਇਸ ਵਿਸ਼ਵ ਕੱਪ ਵਿੱਚ ਗੋਲਾਂ ਦੀ ਬਰਸਾਤ ਜਾਰੀ ਹੈ। ਹੁਣ ਤੱਕ ਗਰੁੱਪ ਗੇੜ ਦੇ 45 ਮੈਚਾਂ ਵਿੱਚ 137 ਗੋਲ ਹੋ ਚੁੱਕੇ ਹਨ, ਜਿਸ ਨਾਲ 2014 ਵਿਸ਼ਵ ਕੱਪ ਦਾ 136 ਗੋਲਾਂ ਵਾਲਾ ਪੁਰਾਣਾ ਰਿਕਾਰਡ ਟੁੱਟ ਗਿਆ ਹੈ। ਗਰੁੱਪ ਮੈਚ ਅਜੇ ਬਾਕੀ ਹਨ, ਇਸ ਲਈ ਇਹ ਅੰਕੜਾ ਹੋਰ ਵਧਣ ਦੀ ਪੂਰੀ ਸੰਭਾਵਨਾ ਹੈ।




