ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੁਹਾਲੀ ਵਿੱਚ ਕੀਤੀ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਆਪਣੇ ਖ਼ਿਲਾਫ਼ ਵਾਇਰਲ ਹੋਈ ਵਿਵਾਦਿਤ ਵੀਡੀਓ ਨੂੰ ਜਾਅਲੀ ਕਰਾਰ ਦਿੰਦਿਆਂ ਦਾਅਵਾ ਕੀਤਾ ਕਿ ਇਹ ਸਾਰੀ ਸਾਜ਼ਿਸ਼ ਜਗਮਨ ਸਮਰਾ ਵੱਲੋਂ ਰਚੀ ਗਈ ਹੈ। ਮੁੱਖ ਮੰਤਰੀ ਨੇ ਇੱਕ ਵੀਡੀਓ ਜਨਤਕ ਕਰਕੇ ਕਿਹਾ ਕਿ ਉਨ੍ਹਾਂ ਦੀ ਭੂਮਿਕਾ ਨਿਭਾਉਣ ਵਾਲੇ ਵਿਅਕਤੀ ਨੂੰ ਚਿਹਰੇ ਦਾ ਮਾਸਕ ਪਹਿਨਾਇਆ ਗਿਆ ਸੀ ਅਤੇ ਇਸ ਸਬੰਧੀ ਸਬੂਤ ਵੀ ਉਨ੍ਹਾਂ ਕੋਲ ਮੌਜੂਦ ਹਨ।
ਮਾਸਕ ਦੀ ਡਿਲੀਵਰੀ ਤੋਂ ਹੋਟਲ ਤੱਕ ਦੀ ਵੀਡੀਓ ਕੀਤੀ ਜਨਤਕ
ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਮੌਜੂਦ ਵੀਡੀਓ ਵਿੱਚ ਜਗਮਨ ਸਮਰਾ ਇੱਕ ਕਾਰ ਵਿੱਚ ਮਾਸਕ ਦੀ ਡਿਲੀਵਰੀ ਪ੍ਰਾਪਤ ਕਰਦਾ ਦਿਖਾਈ ਦਿੰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮਾਸਕ ਨੂੰ ਬਾਂਹ ’ਤੇ ਚੜ੍ਹਾ ਕੇ ਹੋਟਲ ਦੇ ਕਮਰੇ ਵਿੱਚ ਲਿਜਾਇਆ ਗਿਆ, ਜਿੱਥੇ ਕਥਿਤ ਤੌਰ ’ਤੇ ਜਾਅਲੀ ਵੀਡੀਓ ਦੀ ਸ਼ੂਟਿੰਗ ਕੀਤੀ ਗਈ। ਮਾਨ ਨੇ ਕਿਹਾ ਕਿ ਵੀਡੀਓ ਵਿੱਚ ਦਿਖਾਇਆ ਗਿਆ ਸਥਾਨ ਕਿਸੇ ਗੁਰਦੁਆਰੇ ਜਾਂ ਧਾਰਮਿਕ ਸਥਾਨ ਨਾਲ ਮੇਲ ਨਹੀਂ ਖਾਂਦਾ ਕਿਉਂਕਿ ਹੋਟਲ ਦੇ ਕਮਰਿਆਂ ਵਿੱਚ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਨਹੀਂ ਹੁੰਦੀਆਂ।
ਅੱਖਾਂ, ਕੱਦ ਅਤੇ ਠੋਡੀ ਦੇ ਨਿਸ਼ਾਨ ਤੋਂ ਫੜੀ ਗਈ ਸੱਚਾਈ
ਭਗਵੰਤ ਮਾਨ ਨੇ ਕਿਹਾ ਕਿ ਮਾਸਕ ਰਾਹੀਂ ਚਿਹਰੇ ਦੀ ਸ਼ਕਲ ਤਾਂ ਬਣਾਈ ਜਾ ਸਕਦੀ ਹੈ ਪਰ ਅੱਖਾਂ ਨਹੀਂ ਬਣ ਸਕਦੀਆਂ। ਇਸੇ ਲਈ ਕਥਿਤ ਵੀਡੀਓ ਵਿੱਚ ਵਿਅਕਤੀ ਦੀਆਂ ਅੱਖਾਂ ’ਤੇ ਐਨਕ ਲਗਾਈ ਗਈ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਠੋਡੀ ’ਤੇ ਬਚਪਨ ਤੋਂ ਇੱਕ ਨਿਸ਼ਾਨ ਹੈ, ਜੋ ਵੀਡੀਓ ਵਾਲੇ ਵਿਅਕਤੀ ਵਿੱਚ ਨਹੀਂ ਦਿਖਾਈ ਦਿੰਦਾ। ਇਸ ਦੇ ਨਾਲ ਹੀ ਵੀਡੀਓ ਵਿੱਚ ਦਿਖਾਇਆ ਗਿਆ ਵਿਅਕਤੀ ਉਨ੍ਹਾਂ ਨਾਲੋਂ ਕਾਫ਼ੀ ਲੰਮਾ ਹੈ।
ਕਾਂਗਰਸ, ਅਕਾਲੀ ਦਲ ਅਤੇ ਭਾਜਪਾ ’ਤੇ ਲਗਾਏ ਗੰਭੀਰ ਦੋਸ਼
ਮੁੱਖ ਮੰਤਰੀ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਛਵੀ ਨੂੰ ਧਾਰਮਿਕ ਤੌਰ ’ਤੇ ਨੁਕਸਾਨ ਪਹੁੰਚਾਉਣ ਲਈ ਵਿਰੋਧੀ ਪਾਰਟੀਆਂ ਵੱਲੋਂ ਸਾਂਝੀ ਸਾਜ਼ਿਸ਼ ਰਚੀ ਗਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਕੋਲ ਲੋਕਾਂ ਸਾਹਮਣੇ ਰੱਖਣ ਲਈ ਕੋਈ ਮੁੱਦਾ ਨਹੀਂ ਬਚਿਆ, ਜਿਸ ਕਰਕੇ ਉਹ ਅਜਿਹੇ ਹਥਕੰਡੇ ਅਪਣਾ ਰਹੀਆਂ ਹਨ।
2016 ਤੋਂ ਬਾਅਦ ਕਦੇ ਕੈਨੇਡਾ ਨਹੀਂ ਗਿਆ
ਵੀਡੀਓ ਨੂੰ 2018-19 ਦਾ ਦੱਸਣ ਵਾਲੇ ਦਾਵਿਆਂ ’ਤੇ ਸਵਾਲ ਖੜ੍ਹੇ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਉਹ 2016 ਤੋਂ ਬਾਅਦ ਕਦੇ ਵੀ ਕੈਨੇਡਾ ਨਹੀਂ ਗਏ। ਇਸ ਲਈ ਵੀਡੀਓ ਨਾਲ ਜੋੜੀਆਂ ਜਾ ਰਹੀਆਂ ਕਹਾਣੀਆਂ ਹਕੀਕਤ ਨਾਲ ਮੇਲ ਨਹੀਂ ਖਾਂਦੀਆਂ।
ਵੀਡੀਓ ਦੇ ਪਿੱਛੇ ਕੌਣ, ਜਲਦ ਹੋਵੇਗਾ ਖੁਲਾਸਾ
ਮੁੱਖ ਮੰਤਰੀ ਨੇ ਕਿਹਾ ਕਿ ਇਸ ਕਥਿਤ ਵੀਡੀਓ ਦਾ ਪ੍ਰੋਡਿਊਸਰ, ਡਾਇਰੈਕਟਰ ਅਤੇ ਇਸ ਦੇ ਪਿੱਛੇ ਕੰਮ ਕਰਨ ਵਾਲੇ ਲੋਕਾਂ ਬਾਰੇ ਵੀ ਜਲਦੀ ਜਾਣਕਾਰੀ ਸਾਹਮਣੇ ਲਿਆਂਦੀ ਜਾਵੇਗੀ। ਉਨ੍ਹਾਂ ਜਗਮਨ ਸਮਰਾ ਨੂੰ ਬਲੈਕਮੇਲਰ ਕਰਾਰ ਦਿੰਦਿਆਂ ਕਿਹਾ ਕਿ ਉਹ ਕਦੇ ਵੀ ਉਨ੍ਹਾਂ ਦਾ ਦੋਸਤ ਨਹੀਂ ਰਿਹਾ।
ਐੱਸਜੀਪੀਸੀ ਅਤੇ ਅਕਾਲੀ ਦਲ ’ਤੇ ਵੀ ਚੁੱਕੇ ਸਵਾਲ
ਭਗਵੰਤ ਮਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਭੂਮਿਕਾ ’ਤੇ ਵੀ ਸਵਾਲ ਉਠਾਏ। ਉਨ੍ਹਾਂ ਪੁੱਛਿਆ ਕਿ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਸੀ ਤਾਂ ਗੁਰਦੁਆਰਿਆਂ ਦੇ ਬਾਹਰ ਬਾਈਕਾਟ ਵਾਲੇ ਬੋਰਡ ਕਿਉਂ ਨਹੀਂ ਲਗਾਏ ਗਏ, ਜਦਕਿ ਹੁਣ ਉਨ੍ਹਾਂ ਦੇ ਵਿਰੁੱਧ ਅਜਿਹੇ ਬੋਰਡ ਲਗਾਏ ਜਾ ਰਹੇ ਹਨ।
ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੂੰ ਘੇਰਿਆ
ਮੁੱਖ ਮੰਤਰੀ ਨੇ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ’ਤੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਇਹ ਪਾਰਟੀਆਂ ਧਾਰਮਿਕ ਅਤੇ ਸਮਾਜਿਕ ਮੁੱਦਿਆਂ ’ਤੇ ਸਿਆਸਤ ਕਰ ਰਹੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਇਨ੍ਹਾਂ ਪਾਰਟੀਆਂ ਤੋਂ ਦੂਰ ਹੋ ਚੁੱਕੇ ਹਨ, ਜਿਸ ਕਾਰਨ ਉਹ ਉਨ੍ਹਾਂ ਨੂੰ ਬਦਨਾਮ ਕਰਨ ਲਈ ਨਵੀਆਂ ਸਾਜ਼ਿਸ਼ਾਂ ਰਚ ਰਹੀਆਂ ਹਨ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਰ ਫੈਸਲੇ ਦਾ ਕਰਾਂਗਾ ਸਤਿਕਾਰ
ਭਗਵੰਤ ਮਾਨ ਨੇ ਕਿਹਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਸਵੀਕਾਰ ਕਰਦੇ ਹਨ ਅਤੇ ਜੇਕਰ ਦੁਬਾਰਾ ਤਲਬ ਕੀਤਾ ਜਾਂਦਾ ਹੈ ਤਾਂ ਉਹ ਨਿਰਸੰਕੋਚ ਹਾਜ਼ਰ ਹੋਣਗੇ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਉਹ ਸਪਸ਼ਟ ਕਰ ਚੁੱਕੇ ਹਨ ਕਿ ਵਿਵਾਦਿਤ ਵੀਡੀਓ ਵਿੱਚ ਦਿਖਾਈ ਦੇਣ ਵਾਲਾ ਵਿਅਕਤੀ ਉਹ ਨਹੀਂ ਹਨ।
ਜਗਮਨ ਸਮਰਾ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਤਿਆਰੀ
ਮੁੱਖ ਮੰਤਰੀ ਨੇ ਦੱਸਿਆ ਕਿ ਜਗਮਨ ਸਮਰਾ ਨਾਲ ਸਬੰਧਤ ਸਾਰੀ ਵੀਡੀਓ ਅਤੇ ਹੋਰ ਸਬੂਤ ਪੁਲਿਸ ਨੂੰ ਸੌਂਪੇ ਜਾਣਗੇ। ਉਨ੍ਹਾਂ ਕਿਹਾ ਕਿ ਕਾਨੂੰਨੀ ਕਾਰਵਾਈ ਅੱਗੇ ਵਧਾਉਣ ਦੇ ਨਾਲ-ਨਾਲ ਜਗਮਨ ਸਮਰਾ ਨੂੰ ਭਾਰਤ ਲਿਆਉਣ ਲਈ ਵੀ ਯਤਨ ਕੀਤੇ ਜਾਣਗੇ।




