ਦੇਸ਼ ਵਿੱਚ ਇਸ ਵਾਰ ਜੂਨ ਮਹੀਨੇ ਦੌਰਾਨ ਮਾਨਸੂਨੀ ਬਾਰਿਸ਼ ਉਮੀਦਾਂ ਤੋਂ ਕਾਫ਼ੀ ਘੱਟ ਰਹੀ ਹੈ। ਭਾਰਤੀ ਮੌਸਮ ਵਿਭਾਗ (ਆਈਐਮਡੀ) ਦੇ ਅੰਕੜਿਆਂ ਮੁਤਾਬਕ ਹੁਣ ਤੱਕ ਦੇਸ਼ ਭਰ ਵਿੱਚ ਔਸਤ 113 ਮਿਲੀਮੀਟਰ ਮੀਂਹ ਪੈਣਾ ਚਾਹੀਦਾ ਸੀ, ਪਰ ਸਿਰਫ਼ 65.2 ਮਿਲੀਮੀਟਰ ਵਰਖਾ ਹੀ ਦਰਜ ਕੀਤੀ ਗਈ ਹੈ, ਜੋ ਆਮ ਨਾਲੋਂ ਲਗਭਗ 42 ਫ਼ੀਸਦੀ ਘੱਟ ਹੈ।
ਆਈਐਮਡੀ ਅਨੁਸਾਰ ਪੰਜਾਬ, ਉੱਤਰਾਖੰਡ, ਦਿੱਲੀ, ਪੂਰਬੀ ਅਤੇ ਪੱਛਮੀ ਉੱਤਰ ਪ੍ਰਦੇਸ਼, ਬਿਹਾਰ, ਉੜੀਸਾ, ਤੇਲੰਗਾਨਾ, ਪੱਛਮੀ ਮੱਧ ਪ੍ਰਦੇਸ਼, ਕਰਨਾਟਕ, ਤਾਮਿਲਨਾਡੂ ਅਤੇ ਕੇਰਲ ਸਮੇਤ ਕਈ ਸੂਬਿਆਂ ਵਿੱਚ ਮੀਂਹ ਦੀ ਘਾਟ ਦਰਜ ਕੀਤੀ ਗਈ ਹੈ। ਪੰਜਾਬ ਵਿੱਚ ਜੂਨ ਮਹੀਨੇ ਦੌਰਾਨ ਆਮ ਨਾਲੋਂ 27 ਫ਼ੀਸਦੀ ਘੱਟ ਵਰਖਾ ਹੋਈ ਹੈ, ਜਦਕਿ ਉੱਤਰਾਖੰਡ ਵਿੱਚ ਇਹ ਘਾਟਾ 42 ਫ਼ੀਸਦੀ ਤੱਕ ਪਹੁੰਚ ਗਿਆ ਹੈ।
ਪਿਛਲੇ ਸਾਲ ਜੂਨ ਮਹੀਨੇ ਦੌਰਾਨ ਦੇਸ਼ ਵਿੱਚ ਲੰਬੇ ਸਮੇਂ ਦੀ ਔਸਤ (ਐਲਪੀਏ) ਦੇ 109 ਫ਼ੀਸਦੀ ਦੇ ਬਰਾਬਰ ਮੀਂਹ ਦਰਜ ਕੀਤਾ ਗਿਆ ਸੀ, ਪਰ ਇਸ ਸਾਲ ਸਥਿਤੀ ਇਸ ਤੋਂ ਉਲਟ ਨਜ਼ਰ ਆ ਰਹੀ ਹੈ। ਮੌਸਮ ਵਿਭਾਗ ਨੇ ਇਹ ਵੀ ਸੰਕੇਤ ਦਿੱਤੇ ਹਨ ਕਿ ਜੂਨ ਤੋਂ ਸਤੰਬਰ ਤੱਕ ਚੱਲਣ ਵਾਲੇ ਦੱਖਣ-ਪੱਛਮੀ ਮਾਨਸੂਨ ਸੀਜ਼ਨ ਦੌਰਾਨ ਵੀ ਆਮ ਨਾਲੋਂ ਘੱਟ ਬਾਰਿਸ਼ ਹੋ ਸਕਦੀ ਹੈ।
ਮੌਸਮ ਮਾਹਿਰਾਂ ਦਾ ਮੰਨਣਾ ਹੈ ਕਿ ਘੱਟ ਵਰਖਾ ਦਾ ਅਸਰ ਖੇਤੀਬਾੜੀ ਅਤੇ ਪਾਣੀ ਦੇ ਸਰੋਤਾਂ ‘ਤੇ ਵੀ ਪੈ ਸਕਦਾ ਹੈ, ਜਿਸ ਕਾਰਨ ਆਉਣ ਵਾਲੇ ਮਹੀਨਿਆਂ ਵਿੱਚ ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ।




