ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਮੰਗਲਵਾਰ ਨੂੰ ਰਾਸ਼ਟਰਪਤੀ ਭਵਨ ਦੇ ਗਣਤੰਤਰ ਮੰਡਪ ਵਿੱਚ ਆਯੋਜਿਤ ਸਮਾਗਮ ਦੌਰਾਨ 65 ਪ੍ਰਮੁੱਖ ਹਸਤੀਆਂ ਨੂੰ ਦੇਸ਼ ਦੇ ਵੱਕਾਰੀ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ। ਇਸ ਮੌਕੇ ਉੱਘੇ ਅਦਾਕਾਰ ਮਾਮੂਟੀ, ਮਸ਼ਹੂਰ ਗਾਇਕਾ ਅਲਕਾ ਯਾਗਨਿਕ ਅਤੇ ਟੈਨਿਸ ਜਗਤ ਦੇ ਦਿੱਗਜ ਵਿਜੈ ਅੰਮ੍ਰਿਤਰਾਜ ਨੂੰ ਪਦਮ ਭੂਸ਼ਣ ਪ੍ਰਦਾਨ ਕੀਤਾ ਗਿਆ। ਮਾਮੂਟੀ ਨੂੰ ਡਾ. ਭੀਮ ਰਾਓ ਅੰਬੇਡਕਰ ਨਾਲ ਸਬੰਧਤ ਫਿਲਮ ਵਿੱਚ ਨਿਭਾਈ ਯਾਦਗਾਰ ਭੂਮਿਕਾ ਲਈ ਵੀ ਖਾਸ ਤੌਰ ‘ਤੇ ਯਾਦ ਕੀਤਾ ਗਿਆ।
ਇਸੇ ਸਮਾਰੋਹ ਦੌਰਾਨ ਸੁਪਰੀਮ ਕੋਰਟ ਦੇ ਸਾਬਕਾ ਜੱਜ ਕੇ.ਟੀ. ਥੌਮਸ ਅਤੇ ਮਲਿਆਲਮ ਪੱਤਰਕਾਰ ਪੀ. ਨਾਰਾਇਣਨ ਨੂੰ ਜਨਤਕ ਮਾਮਲਿਆਂ ਅਤੇ ਸਾਹਿਤ-ਸਿੱਖਿਆ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਲਈ ਪਦਮ ਵਿਭੂਸ਼ਣ ਨਾਲ ਨਿਵਾਜਿਆ ਗਿਆ। ਅਮਰੀਕਾ ਦੇ ਪ੍ਰਸਿੱਧ ਕੈਂਸਰ ਮਾਹਿਰ ਡਾ. ਦੱਤਾਤ੍ਰੇਯੁਡੂ ਨੋਰੀ, ਉਦਯੋਗਪਤੀ ਐਸ.ਕੇ.ਐਮ. ਮੇਇਲਾਨੰਧਨ ਅਤੇ ਸਮਾਜ ਸੇਵੀ ਵੇਲਾਪੱਲੀ ਨਟੇਸਨ ਨੂੰ ਵੀ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ।
ਝਾਰਖੰਡ ਮੁਕਤੀ ਮੋਰਚਾ ਦੇ ਸੰਸਥਾਪਕ ਅਤੇ ਸਾਬਕਾ ਮੁੱਖ ਮੰਤਰੀ ਸ਼ਿਬੂ ਸੋਰੇਨ ਨੂੰ ਮਰਨ ਉਪਰੰਤ ਪਦਮ ਭੂਸ਼ਣ ਦਿੱਤਾ ਗਿਆ, ਜੋ ਉਨ੍ਹਾਂ ਦੀ ਪਤਨੀ ਰੂਪੀ ਸੋਰੇਨ ਨੇ ਪ੍ਰਾਪਤ ਕੀਤਾ।
ਕੇਂਦਰ ਸਰਕਾਰ ਵੱਲੋਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ ‘ਤੇ ਸਾਲ 2026 ਲਈ ਕੁੱਲ 131 ਪਦਮ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ ਸੀ, ਜਿਨ੍ਹਾਂ ਵਿੱਚ ਪੰਜ ਪਦਮ ਵਿਭੂਸ਼ਣ ਵੀ ਸ਼ਾਮਲ ਹਨ। ਇਸ ਤੋਂ ਪਹਿਲਾਂ 25 ਮਈ ਨੂੰ ਹੋਏ ਪਹਿਲੇ ਸਮਾਰੋਹ ਦੌਰਾਨ ਵੀ 65 ਹਸਤੀਆਂ ਨੂੰ ਇਹ ਸਨਮਾਨ ਦਿੱਤੇ ਗਏ ਸਨ।
ਪਦਮ ਪੁਰਸਕਾਰ ਦੇਸ਼ ਦੇ ਸਭ ਤੋਂ ਉੱਚੇ ਨਾਗਰਿਕ ਸਨਮਾਨਾਂ ਵਿੱਚ ਸ਼ੁਮਾਰ ਕੀਤੇ ਜਾਂਦੇ ਹਨ, ਜੋ ਕਲਾ, ਸਾਹਿਤ, ਸਿੱਖਿਆ, ਵਿਗਿਆਨ, ਖੇਡਾਂ ਅਤੇ ਸਮਾਜ ਸੇਵਾ ਸਮੇਤ ਵੱਖ-ਵੱਖ ਖੇਤਰਾਂ ਵਿੱਚ ਵਿਸ਼ੇਸ਼ ਯੋਗਦਾਨ ਲਈ ਪ੍ਰਦਾਨ ਕੀਤੇ ਜਾਂਦੇ ਹਨ।




