ਦਿੱਲੀ ਪੁਲੀਸ ਨੇ ਨਵੀਂ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਦੇ ਬਾਹਰੋਂ ਗੁਜਰਾਤ ਦੀ ਰਹਿਣ ਵਾਲੀ 41 ਸਾਲਾ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਹੈ। ਮਹਿਲਾ ‘ਤੇ ਸਰਕਾਰੀ ਅਧਿਕਾਰੀਆਂ, ਸੰਸਥਾਵਾਂ ਅਤੇ ਹੋਰ ਅਦਾਰਿਆਂ ਨੂੰ ਧਮਕੀ ਭਰੀਆਂ ਅਤੇ ਝੂਠੀਆਂ ਈਮੇਲਾਂ ਭੇਜਣ ਦੇ ਦੋਸ਼ ਹਨ।
ਗ੍ਰਿਫ਼ਤਾਰ ਮਹਿਲਾ ਦੀ ਪਛਾਣ ਸੀਮਾ ਲੋਹੁਮੀ ਵਜੋਂ ਹੋਈ ਹੈ, ਜੋ ਅਹਿਮਦਾਬਾਦ ਦੇ ਕਿਸ਼ਾਪੁਰ ਇਲਾਕੇ ਦੀ ਵਸਨੀਕ ਹੈ। ਪੁਲੀਸ ਅਨੁਸਾਰ ਉਹ 9 ਫਰਵਰੀ ਤੋਂ ਲਗਾਤਾਰ ਅਜਿਹੀਆਂ ਈਮੇਲਾਂ ਭੇਜ ਰਹੀ ਸੀ ਅਤੇ ਹੁਣ ਤੱਕ ਦੇਸ਼ ਭਰ ਵਿੱਚ 200 ਤੋਂ ਵੱਧ ਈਮੇਲਾਂ ਭੇਜ ਚੁੱਕੀ ਸੀ।
ਨਵੀਂ ਦਿੱਲੀ ਦੇ ਡੀਸੀਪੀ ਸਚਿਨ ਸ਼ਰਮਾ ਨੇ ਦੱਸਿਆ ਕਿ 18 ਜੂਨ ਨੂੰ ਮਿਲੀ ਇੱਕ ਹੋਰ ਧਮਕੀ ਭਰੀ ਈਮੇਲ ਤੋਂ ਬਾਅਦ ਜਾਂਚ ਤੇਜ਼ ਕੀਤੀ ਗਈ। ਤਕਨੀਕੀ ਨਿਗਰਾਨੀ ਰਾਹੀਂ ਸ਼ੱਕੀ ਦੀ ਮੌਜੂਦਗੀ ਗੁਰਦੁਆਰਾ ਬੰਗਲਾ ਸਾਹਿਬ ਦੇ ਨੇੜੇ ਟਰੇਸ ਕੀਤੀ ਗਈ, ਜਿੱਥੋਂ ਉਸ ਨੂੰ ਕਾਬੂ ਕਰ ਲਿਆ ਗਿਆ।
ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਮਹਿਲਾ ਮਾਨਸਿਕ ਤਣਾਅ ਨਾਲ ਜੂਝ ਰਹੀ ਹੈ ਅਤੇ ਉਸ ਦਾ ਡਾਕਟਰੀ ਇਲਾਜ ਵੀ ਚੱਲ ਰਿਹਾ ਹੈ, ਜਿਸ ਦੀ ਪੁਸ਼ਟੀ ਉਸ ਦੇ ਪਰਿਵਾਰਕ ਮੈਂਬਰਾਂ ਨੇ ਕੀਤੀ ਹੈ।
ਈਮੇਲਾਂ ਵਿੱਚ ਪ੍ਰਸਿੱਧ ਥਾਵਾਂ ‘ਤੇ ਬੰਬ ਹੋਣ ਦੀਆਂ ਝੂਠੀਆਂ ਚੇਤਾਵਨੀਆਂ, EVM ਸਬੰਧੀ ਦੋਸ਼, ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਅਤੇ ਹੋਰ ਭੜਕਾਊ ਦਾਅਵੇ ਸ਼ਾਮਲ ਸਨ, ਜਿਸ ਕਾਰਨ ਸੰਬੰਧਿਤ ਏਜੰਸੀਆਂ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਸੀ।
ਪੁਲੀਸ ਨੇ ਕਿਹਾ ਹੈ ਕਿ ਮਾਮਲੇ ਦੀ ਹੋਰ ਜਾਂਚ ਜਾਰੀ ਹੈ ਅਤੇ ਈਮੇਲਾਂ ਦੇ ਪੂਰੇ ਨੈੱਟਵਰਕ ਅਤੇ ਮਕਸਦ ਦੀ ਪੜਤਾਲ ਕੀਤੀ ਜਾ ਰਹੀ ਹੈ।




