ਵੈਨਕੂਵਰ – ਫੀਫਾ ਵਿਸ਼ਵ ਕੱਪ 2026 ਦੇ ਗਰੁੱਪ ਪੜਾਅ ਵਿੱਚ ਟੀਮ ਕੈਨੇਡਾ ਨੂੰ ਆਪਣੀ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ। ਗਰੁੱਪ ‘ਬੀ’ ਦੇ ਇੱਕ ਅਹਿਮ ਮੁਕਾਬਲੇ ਵਿੱਚ ਸਵਿਟਜ਼ਰਲੈਂਡ ਨੇ ਕੈਨੇਡਾ ਨੂੰ 2-1 ਨਾਲ ਮਾਤ ਦਿੱਤੀ।

ਮੈਚ ਦੇ ਪਹਿਲੇ ਅੱਧ ਵਿੱਚ ਦੋਵੇਂ ਟੀਮਾਂ ਕੋਈ ਗੋਲ ਨਾ ਕਰ ਸਕੀਆਂ, ਪਰ ਦੂਜੇ ਹਾਫ਼ ਦੀ ਸ਼ੁਰੂਆਤ ਵਿੱਚ ਹੀ ਸਵਿਟਜ਼ਰਲੈਂਡ ਨੇ ਦਬਾਅ ਬਣਾਉਂਦੇ ਹੋਏ 46ਵੇਂ ਮਿੰਟ ਵਿੱਚ ਰੂਬੇਨ ਵਰਗਾਸ ਦੇ ਗੋਲ ਨਾਲ ਖਾਤਾ ਖੋਲ੍ਹਿਆ। ਇਸ ਤੋਂ ਬਾਅਦ ਜੋਹਨ ਮੰਜ਼ਾਂਬੀ ਨੇ 57ਵੇਂ ਮਿੰਟ ਵਿੱਚ ਦੂਜਾ ਗੋਲ ਕਰਕੇ ਆਪਣੀ ਟੀਮ ਦੀ ਬੜ੍ਹਤ ਮਜ਼ਬੂਤ ਕੀਤੀ। ਕੈਨੇਡਾ ਵੱਲੋਂ ਪ੍ਰੋਮਿਸ ਡੇਵਿਡ ਨੇ 76ਵੇਂ ਮਿੰਟ ਵਿੱਚ ਇੱਕ ਗੋਲ ਕਰਕੇ ਵਾਪਸੀ ਦੀ ਕੋਸ਼ਿਸ਼ ਕੀਤੀ, ਪਰ ਟੀਮ ਬਰਾਬਰੀ ਨਹੀਂ ਕਰ ਸਕੀ।
ਇਸ ਜਿੱਤ ਨਾਲ ਸਵਿਟਜ਼ਰਲੈਂਡ ਨੇ ਦੋ ਜਿੱਤਾਂ ਅਤੇ ਇੱਕ ਡਰਾਅ ਨਾਲ ਗਰੁੱਪ ‘ਬੀ’ ਵਿੱਚ ਪਹਿਲਾ ਸਥਾਨ ਹਾਸਲ ਕਰ ਲਿਆ, ਜਦਕਿ ਕੈਨੇਡਾ ਦੂਜੇ ਸਥਾਨ ‘ਤੇ ਰਿਹਾ। ਹੁਣ ਕੈਨੇਡਾ ਐਤਵਾਰ ਨੂੰ ਲਾਸ ਏਂਜਲਸ ਵਿੱਚ ਗਰੁੱਪ ‘ਏ’ ਦੀ ਉਪ ਜੇਤੂ ਟੀਮ ਨਾਲ ਨਾਕਆਊਟ ਮੁਕਾਬਲਾ ਖੇਡੇਗਾ। ਦੂਜੇ ਪਾਸੇ ਸਵਿਟਜ਼ਰਲੈਂਡ 2 ਜੁਲਾਈ ਨੂੰ ਬੀਸੀ ਪਲੇਸ ਵਿੱਚ ਆਪਣਾ ਅਗਲਾ ਮੈਚ ਖੇਡੇਗਾ।
ਕੈਨੇਡਾ ਨੇ ਟੂਰਨਾਮੈਂਟ ਦੀ ਸ਼ੁਰੂਆਤ 12 ਜੂਨ ਨੂੰ ਬੋਸਨੀਆ ਖ਼ਿਲਾਫ਼ 1-1 ਦੇ ਡਰਾਅ ਨਾਲ ਕੀਤੀ ਸੀ, ਜਦਕਿ ਪਿਛਲੇ ਹਫ਼ਤੇ ਕਤਰ ਨੂੰ 6-0 ਨਾਲ ਹਰਾਕੇ ਪੁਰਸ਼ ਵਿਸ਼ਵ ਕੱਪ ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ ਸੀ।
ਫੀਫਾ ਰੈਂਕਿੰਗ ਵਿੱਚ 19ਵੇਂ ਸਥਾਨ ‘ਤੇ ਕਾਬਜ਼ ਸਵਿਟਜ਼ਰਲੈਂਡ ਦੀ ਟੀਮ ਪਿਛਲੇ ਸਮੇਂ ਦੌਰਾਨ ਪੰਜ ਵਾਰ ਨਾਕਆਊਟ ਦੌਰ ਵਿੱਚ ਪਹੁੰਚ ਚੁੱਕੀ ਹੈ। ਕੈਨੇਡਾ ਅਤੇ ਸਵਿਟਜ਼ਰਲੈਂਡ ਵਿਚਾਲੇ ਇਹ ਦੂਜਾ ਅੰਤਰਰਾਸ਼ਟਰੀ ਮੁਕਾਬਲਾ ਸੀ। ਇਸ ਤੋਂ ਪਹਿਲਾਂ ਮਈ 2002 ਵਿੱਚ ਸੇਂਟ ਗੈਲਨ ਵਿੱਚ ਖੇਡੇ ਗਏ ਮੈਚ ਵਿੱਚ ਕੈਨੇਡਾ ਨੇ 3-1 ਨਾਲ ਜਿੱਤ ਦਰਜ ਕੀਤੀ ਸੀ।




