Homeਸਾਹਿਤਕ ਰਚਨਾਵਾਂਅਸਾਂ ਜੋਗੀ ਬਣ ਜਾਣਾ

ਅਸਾਂ ਜੋਗੀ ਬਣ ਜਾਣਾ

ਅਸਾਂ ਜੋਗੀ ਬਣ ਜਾਣਾ

▪️ਗੁਰਭਜਨ ਗਿੱਲ

ਨੀ ਤੂੰ ਬਣ ਸਾਡੀ ਹੀਰ ਸਾਡੇ ਲੇਖਾਂ ਦੀ ਲਕੀਰ

ਵੇਖੀਂ ਮੇਟ ਹੀ ਨਾ ਦੇਵੇ ਹੀਰੇ ਆ ਕੇ ਸੈਦਾ ਕਾਣਾ ।

ਅਸਾਂ ਜੋਗੀ ਬਣ ਜਾਣਾ ।

ਵੇਖ ਘੁੱਗੀਆਂ ਦਾ ਜੋੜਾ ਨੀ ਕਲੋਲ ਕਰਦਾ ।

ਕਿਵੇਂ ਪਿਆਰ ਨਾਲ ਚੁੰਝਾਂ ਕੋਲ਼ ਕੋਲ਼ ਕਰਦਾ ।

ਤੇਰੇ ਬਿਨਾ ਮੈਂ ਇਕੱਲ੍ਹਾ ਠੰਢੇ ਹੌਕੇ ਭਰਦਾ ।

ਦੱਸ ਕਦੋਂ ਹੁਣ ਦੋਹਾਂ ਵਿੱਚ ਫ਼ਾਸਲਾ ਮੁਕਾਣਾ ।

ਅਸਾਂ ਜੋਗੀ ਬਣ ਜਾਣਾ ।

ਤੈਨੂੰ ਰੱਬ ਦਿੱਤਾ ਸੱਜਰੀ ਸਵੇਰ ਜਿਹਾ ਮੁੱਖ ।

ਜਦੋਂ ਤੁਰਦੀ ਤਾਂ ਵੇਖ ਕੇ ਹੁਲਾਰੇ ਖਾਣ ਰੁੱਖ ।

ਤੈਨੂੰ ਰੱਜ ਰੱਜ ਵੇਖਣੇ ਦੀ ਸਦਾ ਰਹੇ ਭੁੱਖ ।

ਤੇਰੇ ਦਿਲ ਵਿੱਚ ਮਿਲਿਆ ਨਾ ਮੈਨੂੰ ਜੇ ਟਿਕਾਣਾ ।

ਅਸਾਂ ਜੋਗੀ ਬਣ ਜਾਣਾ ।

ਨੀ ਮੈਂ ਤੇਰੇ ਪਿੱਛੇ ਛੱਡ ਆਇਆ ਤਖ਼ਤ ਹਜ਼ਾਰਾ ।

ਮੈਨੂੰ ਪਾਲ਼ੀ ਪਾਲ਼ੀ ਆਖਦਾ ਸਿਆਲ ਪਿੰਡ ਸਾਰਾ ।

ਵੇਖੀਂ ਮਹਿਲਾਂ ਪਿੱਛੇ ਢਾਹੀਂ ਨਾ ਤੂੰ ਪਿਆਰ ਦਾ ਮੁਨਾਰਾ ।

ਮੇਰੇ ਬਿਨਾ ਕਿਸੇ ਵੰਝਲੀ ਦਾ ਬੋਲ ਨਹੀਂ ਸੁਨਾਣਾ ।

ਅਸਾਂ ਜੋਗੀ ਬਣ ਜਾਣਾ ।

ਪਿਆਰ ਹੁੰਦਾ ਨਹੀਂਉਂ ਗੁੱਡੀ ਤੇ ਪਟੋਲੇ ਵਾਲਾ ਖੇਲ੍ਹ ।

ਕੌਣ ਦੱਸੇ ਇਹ ਤਾਂ ਤੇਰਾ ਮੇਰਾ ਜਨਮਾਂ ਦਾ ਮੇਲ ।

ਵੇਖੀਂ ਜ਼ਿੰਦਗੀ ਦੇ ਦੀਵੇ ਵਿੱਚੋਂ ਮੁੱਕ ਜੇ ਨਾ ਤੇਲ ।

ਮੈਥੋਂ ਤੇਰੇ ਤੋਂ ਬਗੈਰ ਅੱਗੇ ਤੁਰਿਆ ਨਹੀਂ ਜਾਣਾ ।

ਅਸਾਂ ਜੋਗੀ ਬਣ ਜਾਣਾ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments