ਪੱਛਮੀ ਏਸ਼ੀਆ ਵਿੱਚ ਸ਼ਾਂਤੀ ਅਤੇ ਸਥਿਰਤਾ ਬਹਾਲ ਕਰਨ ਦੇ ਉਦੇਸ਼ ਨਾਲ ਹੋਣ ਵਾਲੀ ਉੱਚ ਪੱਧਰੀ ਗੱਲਬਾਤ ਲਈ ਅਮਰੀਕਾ, ਇਰਾਨ ਅਤੇ ਪਾਕਿਸਤਾਨ ਦੇ ਸੀਨੀਅਰ ਆਗੂ ਐਤਵਾਰ ਨੂੰ ਸਵਿਟਜ਼ਰਲੈਂਡ ਪਹੁੰਚ ਗਏ ਹਨ। ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਸਵੇਰੇ ਜਿਊਰਿਖ ਪਹੁੰਚੇ, ਜਦਕਿ ਅਮਰੀਕਾ ਦੇ ਵਿਸ਼ੇਸ਼ ਦੂਤ ਸਟੀਵ ਵਿਟਕੋਫ ਅਤੇ ਸਲਾਹਕਾਰ ਜੇਰੇਡ ਕੁਸ਼ਨਰ ਪਹਿਲਾਂ ਤੋਂ ਹੀ ਉੱਥੇ ਮੌਜੂਦ ਹਨ।
ਰਵਾਨਗੀ ਤੋਂ ਪਹਿਲਾਂ ਫੌਕਸ ਨਿਊਜ਼ ਨਾਲ ਗੱਲਬਾਤ ਦੌਰਾਨ ਜੇਡੀ ਵੈਂਸ ਨੇ ਕਿਹਾ ਕਿ ਸਟੀਵ ਵਿਟਕੋਫ ਅਤੇ ਜੇਰੇਡ ਕੁਸ਼ਨਰ ਨਾਲ ਹੋਈ ਚਰਚਾ ਦੇ ਆਧਾਰ ‘ਤੇ ਉਨ੍ਹਾਂ ਨੂੰ ਉਮੀਦ ਹੈ ਕਿ ਵਾਰਤਾਵਾਂ ਸਕਾਰਾਤਮਕ ਦਿਸ਼ਾ ਵਿੱਚ ਅੱਗੇ ਵੱਧ ਰਹੀਆਂ ਹਨ।
ਇਸ ਦੌਰਾਨ ਇਰਾਨੀ ਸਰਕਾਰੀ ਸਮਾਚਾਰ ਏਜੰਸੀ ‘ਇਰਨਾ’ ਮੁਤਾਬਕ ਇਰਾਨੀ ਵਫ਼ਦ ਦੀ ਅਗਵਾਈ ਸੰਸਦ ਦੇ ਸਪੀਕਰ ਮੁਹੰਮਦ ਬਾਕਿਰ ਗਾਲੀਬਾਫ ਕਰ ਰਹੇ ਹਨ। ਵਫ਼ਦ ਵਿੱਚ ਵਿਦੇਸ਼ ਮੰਤਰੀ ਅੱਬਾਸ ਅਰਾਘਚੀ, ਸੁਪਰੀਮ ਨੈਸ਼ਨਲ ਸਕਿਊਰਿਟੀ ਕੌਂਸਲ ਦੇ ਡਿਪਟੀ ਸਕੱਤਰ ਅਲੀ ਬਘੇਰੀ ਕਾਨੀ ਅਤੇ ਕੇਂਦਰੀ ਬੈਂਕ ਦੇ ਗਵਰਨਰ ਅਬਦੁਲਨਾਸੇਰ ਹੇਮਾਤੀ ਵੀ ਸ਼ਾਮਲ ਹਨ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਵੀ ਐਤਵਾਰ ਨੂੰ ਜਿਊਰਿਖ ਪਹੁੰਚੇ। ਉਨ੍ਹਾਂ ਦੇ ਨਾਲ ਫ਼ੌਜ ਮੁਖੀ ਆਸਿਮ ਮੁਨੀਰ ਅਤੇ ਹੋਰ ਉੱਚ ਅਧਿਕਾਰੀ ਵੀ ਮੌਜੂਦ ਹਨ। ਇਸ ਤੋਂ ਇਲਾਵਾ ਕਤਰ ਦੇ ਵਾਰਤਾਕਾਰਾਂ ਦੇ ਵੀ ਗੱਲਬਾਤ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ।
ਉੱਧਰ, ਇਰਾਨੀ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਆਪਣੇ ਸਵਿਸ ਹਮਰੁਤਬਾ ਇਗਨਾਜ਼ੀਓ ਕੈਸਿਸ ਨਾਲ ਮੁਲਾਕਾਤ ਕੀਤੀ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਇਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਆਨ ਵੱਲੋਂ ਪਿਛਲੇ ਹਫ਼ਤੇ ਇੱਕ ਸਮਝੌਤਾ ਪੱਤਰ ‘ਤੇ ਦਸਤਖ਼ਤ ਕੀਤੇ ਗਏ ਸਨ, ਜਿਸ ਤੋਂ ਬਾਅਦ ਪੱਛਮੀ ਏਸ਼ੀਆ ਵਿੱਚ ਸ਼ਾਂਤੀ ਲਈ 60 ਦਿਨਾਂ ਦੀ ਵਾਰਤਾ ਪ੍ਰਕਿਰਿਆ ਸ਼ੁਰੂ ਹੋਈ ਹੈ।




