ਕੈਨੇਡਾ ਸਰੀ ‘ਚ ”ਪਵਿੱਤਰ ਗੰਗਾ ਸਾਗਰ ਦੀ ਸੱਚੀ ਤੇ ਸੁੱਚੀ ਸੇਵਾ” ਕਿਤਾਬ ਦਾ ਰਿਲੀਜ਼ ਸਮਾਰੋਹ

ਨਵਾਬ ਰਾਏ ਕੱਲਾ ਜੀ ਦੀ ਨੌਵੀਂ ਪੀੜੀ ਰਾਏ ਅਜ਼ੀਜ਼ ਉਲ੍ਹਾ ਪਰਿਵਾਰ ਸਮੇਤ ਹੋਏ ਸ਼ਾਮਿਲ

ਸਰੀ ਦੀ ਮੇਅਰ ਬਰਿੰਡਾ ਲੌਕ ਵੀ ਪੁੱਜੀ

ਸਰੀ 15 ਜੂਨ (ਜੋਗਿੰਦਰ ਸਿੰਘ) ਸਾਹਿਬ ਏ ਕਮਾਲ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਸਮੇਤ ਕਿਲ੍ਹਾ ਅਨੰਦਗੜ੍ਹ ਸਾਹਿਬ ਛੱਡਣ , ਸਰਸਾ ਨਦੀ ‘ਤੇ ਪਰਿਵਾਰ ਦਾ ਵਿਛੋੜਾ , ਚਮਕੌਰ ਸਾਹਿਬ ਦੀ ਜੰਗ ‘ਚ ਵੱਡੇ ਸਾਹਿਬਜਾਦਿਆਂ ਤੇ ਸਿੰਘਾਂ ਦੀ ਸ਼ਹਾਦਤ ਅਤੇ ਸਰਹੰਦ ਦੀਆਂ ਨੀਹਾਂ ‘ਚ ਚਿਣਕੇ ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਅਤੇ ਇਹ ਖ਼ਬਰ ਰਾਇਕੋਟ ਦੀ ਧਰਤੀ ‘ਤੇ ਨਵਾਬ ਰਾਏ ਕੱਲਾ ਜੀ ਵਲੋਂ ਨੂਰੇ ਮਾਹੀ ਰਾਹੀਂ ਗੁਰੂ ਸਾਹਿਬ ਜੀ ਨੂੰ ਮੰਗਵਾ ਕੇ ਦੇਣਾ ਅਤੇ ਗੁਰੂ ਸਾਹਿਬ ਜੀ ਨੂੰ ਆਪਣੇ ਕੋਲ ਰੱਖ ਕੇ ਸੇਵਾ ਕਰਨਾ ਤੇ ਗੁਰੂ ਸਾਹਿਬ ਜੀ ਵਲੋਂ ਸੇਵਾ ਤੋਂ ਖੁਸ਼ ਹੋ ਕੇ ਨਵਾਬ ਰਾਏ ਕੱਲਾ ਨੂੰ ਨਿਸ਼ਾਨੀਆਂ ਭੇਟ ਕਰਨ ਦੇ ਇਤਿਹਾਸ ਅਤੇ ਰਾਏ ਕੱਲਾ ਜੀ ਦੀ ਨੌਵੀਂ ਪੀੜੀ ਵੱਲੋਂ ਹੁਣ ਤੱਕ ਗੁਰੂ ਸਾਹਿਬ ਜੀ ਦੀ ਪਵਿੱਤਰ ਨਿਸ਼ਾਨੀ ‘ਪਵਿੱਤਰ ਗੰਗਾ ਸਾਗਰ’ ਨੂੰ ਸੰਭਾਲਣਾ ਅਤੇ ਇਸ ਪਵਿੱਤਰ ਨਿਸ਼ਾਨੀ ਦੀ ਸੇਵਾ ਕਰਨ ਦੇ ਇਤਿਹਾਸ ਨੂੰ ਪੁਰਾਤਨ ਤੇ ਮੌਜੂਦਾ ਸਰੋਤਾਂ ‘ਤੇ ਖੋਜ ਭਰਪੂਰ ਕਿਤਾਬ ‘ਪਵਿੱਤਰ ਗੰਗਾ ਸਾਗਰ ਦੀ ਸੱਚੀ ਤੇ ਸੁੱਚੀ ਸੇਵਾ’ ਦੇ ਇਤਿਹਾਸਿਕ ਦਸਤਾਵੇਜ਼ ਨੂੰ ਅੱਜ ਕੇਂਦਰੀ ਪੰਜਾਬੀ ਲੇਖਕ ਸਭਾ ਨੌਰਥ ਅਮਰੀਕਾ ਤੇ ਰਾਏਕੋਟ ਇਲਾਕੇ ਦੇ ਲੋਕਾਂ ਵਲੋਂ ਕੈਨੇਡਾ ‘ਚ ਇਕ ਸਾਂਝੇ ਸਮਾਗਮ ਦੌਰਾਨ ਰਿਲੀਜ਼ ਕੀਤਾ ਗਿਆ|

ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਨੁੱਖਤਾ ਦੀ ਭਲਾਈ, ਜਬਰ ਤੇ ਜ਼ੁਲਮ ਖ਼ਿਲਾਫ ਗੌਰਵਮਈ ਇਤਿਹਾਸ ਅਤੇ ਗੁਰੂ ਸਾਹਿਬ ਜੀ ਦੀ ਰੂਹਾਨੀਅਤ ਵਾਲੀ ਪਗੰਬਰੀ ਹਸਤੀ ਨੂੰ ਯਾਦ ਕੀਤਾ ਤੇ ਰਾਏ ਕੱਲਾ ਜੀ ਦੀ ਮਹਾਨ ਸੇਵਾ ਦੇ ਇਤਿਹਾਸ ਨੂੰ ਵੀ ਰੂ ਬਰੂ ਕੀਤਾ | ਇਸ ਮੌਕੇ ਬੁਲਾਰਿਆਂ ਨੇ ਨਵਾਬ ਰਾਏ ਕੱਲਾ ਜੀ ਦੀ ਨੌਵੀਂ ਪੀੜੀ ਰਾਏ ਅਜ਼ੀਜ਼ ਉਲ੍ਹਾ ਵਲੋਂ ਪਵਿੱਤਰ ਗੰਗਾ ਸਾਗਰ ਨੂੰ ਸੰਭਾਲਣਾ ਅਤੇ ਪੂਰੀ ਦੁਨੀਆਂ ‘ਚ ਇਸ ਪਵਿੱਤਰ ਨਿਸ਼ਾਨੀ ਦੇ ਸਿੱਖ ਸੰਗਤਾਂ ਨੂੰ ਦਰਸ਼ਨ ਕਰਵਾਉਣ ‘ਤੇ ਧੰਨਵਾਦ ਕੀਤਾ ਇਸ ਮੌਕੇ ਰਾਏ ਅਜ਼ੀਜ਼ ਉਲ੍ਹਾ ਜੀ ਵਲੋਂ ਪੂਰੀ ਦੁਨੀਆਂ ‘ਚ ਸਿੱਖਾਂ ਅਤੇ ਸਮੁੱਚੇ ਪੰਜਾਬੀ ਭਾਈਚਾਰੇ ਵਲੋਂ ਮਿਲੇ ਮਾਣ ਸਨਮਾਨ ਨੂੰ ਯਾਦ ਕੀਤਾ ਅਤੇ ਗੁਰੂ ਸਾਹਿਬ ਜੀ ਅੱਗੇ ਸ਼ਰਧਾ ਅਰਪਿਤ ਕੀਤੀ, ਉਨ੍ਹਾਂ ਗੁਰੂ ਸਾਹਿਬ ਜੀ ਦੀ ਬਖਸ਼ਿਸ ਪਵਿੱਤਰ ਗੰਗਾ ਸਾਗਰ ਦੀ ਉਨ੍ਹਾਂ ਦੀਆਂ ਪੀੜੀਆਂ ਵਲੋਂ ਸ਼ਰਧਾ ਨਾਲ ਸੇਵਾ ਦੇ ਇਤਿਹਾਸ ਨੂੰ ਵੀ ਦੱਸਿਆ| ਇਸ ਮੌਕੇ ਰਾਏਕੋਟ ਦੀਆਂ ਸੰਗਤਾਂ ਵਲੋਂ ਰਾਏ ਅਜ਼ੀਜ਼ ਉਲ੍ਹਾ ਜੀ ਨੂੰ ਵਿਸ਼ੇਸ ਤੌਰ ‘ਤੇ ਸਨਮਾਨਿਤ ਵੀ ਕੀਤਾ |

ਇਸ ਮੌਕੇ ਰਾਏ ਕੱਲਾ ਜੀ ਦੀ ਦਸਵੀਂ ਪੀੜੀ ਰਾਏ ਮੁਹੰਮਦ ਅਲੀ ਤੇ ਹੋਰ ਪਰਿਵਾਰਕ ਮੈਂਬਰਾਂ ਸਮੇਤ ਸਰੀ ਦੀ ਮੇਅਰ ਬਰਿੰਡਾ ਲੌਕ, ਰਾਏਕੋਟ ਤੋਂ ਹਰਦੇਵ ਸਿੰਘ ਗਰੇਵਾਲ, ਸੁਰਜੀਤ ਸਿੰਘ ਮਾਦੋਪੁਰੀ, ਬੀ. ਸੀ. ਪੰਜਾਬੀ ਪ੍ਰੈਸ ਕਲੱਬ ਦੇ ਪ੍ਰਧਾਨ ਗੁਰਵਿੰਦਰ ਸਿੰਘ ਧਾਲੀਵਾਲ, ਸਿੱਖ ਆਗੂ ਪਿਆਰਾ ਸਿੰਘ ਨੱਤ, ਪ੍ਰਸਿੱਧ ਬਿਜਨਸਮੈਨ ਸੁੱਖੀ ਬਾਠ, ਲੇਖਕ ਕਵਿੰਦਰ ਚਾਂਦ, ਬਲਦੇਵ ਸਿੰਘ ਬਾਠ, ਪ੍ਰਸਿੱਧ ਪੱਤਰਕਾਰ ਹਰਜਿੰਦਰ ਸਿੰਘ ਥਿੰਦ, ਡਾ. ਪਿਆਰਾ ਸਿੰਘ ਗਿੱਲ, ਪ੍ਰੋ. ਕਸ਼ਮੀਰਾ ਸਿੰਘ, ਮਸਟਰ ਗੁਰਦਿਆਲ ਸਿੰਘ ਜੌਹਲ, ਸਮਾਜ ਸੇਵੀ ਰਣਜੀਤ ਸਿੰਘ ਸੋਹੀ, ਪੱਤਰਕਾਰ ਜੋਗਿੰਦਰ ਸਿੰਘ, ਲੇਖਕ ਗੁਰਪ੍ਰੀਤ ਸਿੰਘ ਤਲਵੰਡੀ, ਜਸਬੀਰ ਭਲੂਰੀਆ, ਬਰਜ ਢਾਹਾਂ ਸਮੇਤ ਕਨੇਡਾ ਦੀਆਂ ਅਹਿਮ ਸਖ਼ਸ਼ੀਅਤਾਂ ਤੇ ਰਾਏਕੋਟ ਇਲਾਕੇ ਦੇ ਲੋਕ ਹਾਜ਼ਰ ਸਨ | ਇਸ ਮੌਕੇ ਲੇਖਕ ਡਾ. ਗੁਰਦੇਵ ਸਿੰਘ ਅਤੇ ਪ੍ਰੋ. ਗੁਰਭਜਨ ਗਿੱਲ ਦਾ ਸੁਨੇਹਾ ਵੀ ਸੁਣਾਇਆ |